ਪਠਾਨਕੋਟ ’ਚ 200 ਫੁੱਟ ਉੱਚੇ ਬਿਜਲੀ ਦੇ ਖੰਭੇ ’ਤੇ ਚੜ੍ਹੇ ਬਜ਼ੁਰਗ, ਮੰਗਾਂ ਲਈ ਚੁੱਕਿਆ ਖ਼ਤਰਨਾਕ ਕਦਮ
ਪਠਾਨਕੋਟ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਅਧੀਨ ਪਿੰਡ ਸਾਧੋੜੀ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਦੋ ਬਜ਼ੁਰਗ ਮੈਂਬਰ ਆਪਣੀਆਂ ਮੰਗਾਂ ਨੂੰ ਲੈ ਕੇ ਹਾਈ ਵੋਲਟੇਜ ਬਿਜਲੀ ਦੇ ਖੰਭੇ ’ਤੇ ਚੜ੍ਹ ਗਏ। ਦੋਵੇਂ ਬਜ਼ੁਰਗ ਕਰੀਬ 200 ਫੁੱਟ ਦੀ ਉਚਾਈ ’ਤੇ ਪਹੁੰਚ ਗਏ, ਜਿਸ ਕਾਰਨ ਮੌਕੇ ’ਤੇ ਵੱਡਾ ਖ਼ਤਰਾ ਬਣ ਗਿਆ।
ਜਾਣਕਾਰੀ ਮੁਤਾਬਕ ਸੰਘਰਸ਼ ਕਮੇਟੀ ਦੇ 81 ਸਾਲਾ ਕੁਲਵਿੰਦਰ ਸਿੰਘ ਅਤੇ 85 ਸਾਲਾ ਸ਼ਰਮ ਸਿੰਘ ਨੇ ਇਹ ਕਦਮ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਉਹ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਸਥਿਤ ਹਾਈ ਵੋਲਟੇਜ ਬਿਜਲੀ ਦੇ ਖੰਭੇ ’ਤੇ ਚੜ੍ਹੇ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਸੰਭਾਲਣ ਲਈ ਕਾਰਵਾਈ ਸ਼ੁਰੂ ਕੀਤੀ।
ਮੰਗਾਂ ਨੂੰ ਲੈ ਕੇ ਚੁੱਕਿਆ ਸਖ਼ਤ ਕਦਮ
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬਜ਼ੁਰਗ ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਨਾਲ ਜੁੜੇ ਹੋਏ ਹਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਕਮੇਟੀ ਦੀਆਂ ਮੰਗਾਂ ਸਬੰਧੀ ਪ੍ਰਸ਼ਾਸਨ ਵੱਲੋਂ ਠੋਸ ਕਾਰਵਾਈ ਨਾ ਹੋਣ ਦੇ ਰੋਸ ਵਿੱਚ ਉਨ੍ਹਾਂ ਵੱਲੋਂ ਇਹ ਕਦਮ ਚੁੱਕੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ।
ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਦੋਵਾਂ ਬਜ਼ੁਰਗਾਂ ਨੂੰ ਹੇਠਾਂ ਉਤਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰਨ ਲਈ ਕੋਸ਼ਿਸ਼ਾਂ ਜਾਰੀ ਹਨ।
ਇਸ ਘਟਨਾ ਨੇ ਨਾ ਸਿਰਫ਼ ਪ੍ਰਸ਼ਾਸਨ ਲਈ ਸੁਰੱਖਿਆ ਦੀ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ, ਸਗੋਂ ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਦੀਆਂ ਮੰਗਾਂ ਨੂੰ ਲੈ ਕੇ ਵੀ ਇੱਕ ਵਾਰ ਫਿਰ ਚਰਚਾ ਤੇਜ਼ ਕਰ ਦਿੱਤੀ ਹੈ।