ਫਤਹਿਗੜ੍ਹ ਸਾਹਿਬ ’ਚ ਦਰਦਨਾਕ ਹਾਦਸਾ, ਗੁਰਦੁਆਰਾ ਸਾਹਿਬ ਤੋਂ ਪਰਤ ਰਹੇ ਪਤੀ-ਪਤਨੀ ਦੀ ਮੌਤ
Edited by Admin | Updated: Wed, 26 Aug 2026 13:50:36
ਫਤਹਿਗੜ੍ਹ ਸਾਹਿਬ ’ਚ ਦਰਦਨਾਕ ਹਾਦਸਾ, ਗੁਰਦੁਆਰਾ ਸਾਹਿਬ ਤੋਂ ਪਰਤ ਰਹੇ ਪਤੀ-ਪਤਨੀ ਦੀ ਮੌਤ

ਫਤਹਿਗੜ੍ਹ ਸਾਹਿਬ (ਹੈਵਨ ਇੰਡੀਆ ਟੀਵੀ ਬਿਊਰੋ): ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਚੰਡੀਗੜ੍ਹ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ। ਬੱਸੀ ਪਠਾਣਾ ਦੇ ਪਿੰਡ ਆਲਮਪੁਰ ਨੇੜੇ ਸਕੂਟਰੀ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਵਿੱਚ ਸਕੂਟਰੀ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਧਰਮਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਸ਼ੀ ਬਾਲਾ, ਵਾਸੀ ਚੰਡੀਗੜ੍ਹ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਧਰਮਵੀਰ ਸਿੰਘ ਆਪਣੀ ਪਤਨੀ ਸ਼ਸ਼ੀ ਬਾਲਾ ਨਾਲ ਸਕੂਟਰੀ ’ਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸਨ। ਮੱਥਾ ਟੇਕਣ ਤੋਂ ਬਾਅਦ ਜਦੋਂ ਦੋਵੇਂ ਸਕੂਟਰੀ ’ਤੇ ਚੰਡੀਗੜ੍ਹ ਵਾਪਸ ਜਾ ਰਹੇ ਸਨ ਤਾਂ ਪਿੰਡ ਆਲਮਪੁਰ ਨੇੜੇ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰੀ ਸਵਾਰ ਦੋਵਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।

ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ

ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬੱਸੀ ਪਠਾਣਾ ਦੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।

ਥਾਣਾ ਬੱਸੀ ਪਠਾਣਾ ਦੇ ਸਹਾਇਕ ਥਾਣੇਦਾਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਹਾਦਸਾਗ੍ਰਸਤ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਵੱਲੋਂ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਫਿਲਹਾਲ ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਹੋਏ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਮ੍ਰਿਤਕ ਪਤੀ-ਪਤਨੀ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

 

Share: