ਪੰਜਾਬ ’ਚ ਪਨੀਰ ’ਤੇ ਵੱਡਾ ਐਕਸ਼ਨ! ਨਕਲੀ ਪਨੀਰ ਦੀ ਵਿਕਰੀ ’ਤੇ ਸਰਕਾਰ ਨੇ ਲਾਇਆ 1 ਸਾਲ ਦਾ ਬੈਨ
Edited by Admin | Updated: Thu, 27 Aug 2026 16:50:06
ਪੰਜਾਬ ’ਚ ਪਨੀਰ ’ਤੇ ਵੱਡਾ ਐਕਸ਼ਨ! ਨਕਲੀ ਪਨੀਰ ਦੀ ਵਿਕਰੀ ’ਤੇ ਸਰਕਾਰ ਨੇ ਲਾਇਆ 1 ਸਾਲ ਦਾ ਬੈਨ

ਚੰਡੀਗੜ੍ਹ (ਹੈਵਨ ਇੰਡੀਆ ਟੀਵੀ ਬਿਊਰੋ): ਪੰਜਾਬ ਵਿੱਚ ਪਨੀਰ ਨੂੰ ਲੈ ਕੇ ਸਰਕਾਰ ਨੇ ਹੁਣ ਸਖ਼ਤ ਕਦਮ ਚੁੱਕਿਆ ਹੈ। ਐਨਾਲਾਗ ਭਾਵ ਨਾਨ-ਡੇਅਰੀ ਪਨੀਰ ਦੀ ਵਿਕਰੀ, ਉਤਪਾਦਨ ਅਤੇ ਭੰਡਾਰਨ ’ਤੇ ਪੂਰੇ ਸੂਬੇ ਵਿੱਚ ਇਕ ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ ਫੂਡ ਐਂਡ ਡਰੱਗਸ ਐਡਮਿਨੀਸਟ੍ਰੇਸ਼ਨ, ਪੰਜਾਬ ਦੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਵੱਲੋਂ ਜਾਰੀ ਕੀਤੇ ਗਏ ਹਨ।

ਇਹ ਕਾਰਵਾਈ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਧਾਰਾ 30(2)(ਏ) ਤਹਿਤ ਕੀਤੀ ਗਈ ਹੈ। ਨਵੇਂ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਕੋਈ ਵੀ ਫੂਡ ਬਿਜ਼ਨਸ ਆਪਰੇਟਰ ਕਿਸੇ ਵੀ ਨਾਂ ਹੇਠ ਐਨਾਲਾਗ ਜਾਂ ਨਾਨ-ਡੇਅਰੀ ਪਨੀਰ ਦਾ ਉਤਪਾਦਨ, ਵਿਕਰੀ ਜਾਂ ਸਟੋਰੇਜ ਨਹੀਂ ਕਰ ਸਕੇਗਾ।

512 ਸੈਂਪਲਾਂ ਦੀ ਜਾਂਚ, 215 ਫੇਲ੍ਹ

ਸਰਕਾਰ ਵੱਲੋਂ ਇਹ ਫ਼ੈਸਲਾ ਪਨੀਰ ਦੇ ਸੈਂਪਲਾਂ ਦੀ ਜਾਂਚ ਦੌਰਾਨ ਸਾਹਮਣੇ ਆਏ ਚਿੰਤਾਜਨਕ ਨਤੀਜਿਆਂ ਤੋਂ ਬਾਅਦ ਲਿਆ ਗਿਆ ਹੈ।

ਅਧਿਕਾਰੀਆਂ ਮੁਤਾਬਕ 1 ਅਪ੍ਰੈਲ 2025 ਤੋਂ 31 ਮਾਰਚ 2026 ਤੱਕ ਪੰਜਾਬ ਭਰ ਵਿੱਚ ਪਨੀਰ ਦੇ 512 ਸੈਂਪਲ ਲਏ ਗਏ ਅਤੇ ਉਨ੍ਹਾਂ ਨੂੰ ਨੋਟੀਫਾਈਡ ਫੂਡ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ ਗਿਆ। ਇਨ੍ਹਾਂ ਵਿੱਚੋਂ 215 ਸੈਂਪਲ, ਯਾਨੀ ਕਰੀਬ 42 ਫ਼ੀਸਦੀ, ਫੇਲ੍ਹ ਪਾਏ ਗਏ।

ਫੇਲ੍ਹ ਹੋਏ ਸੈਂਪਲਾਂ ਵਿੱਚੋਂ 156 ਸਬ-ਸਟੈਂਡਰਡ ਅਤੇ 59 ਅਸੁਰੱਖਿਅਤ ਕਰਾਰ ਦਿੱਤੇ ਗਏ।

ਦੁੱਧ ਦੀ ਥਾਂ ਬਨਸਪਤੀ ਘਿਓ ਅਤੇ ਵਿਦੇਸ਼ੀ ਫੈਟ?

ਫੈਟ ਦੀ ਜਾਂਚ ਦੌਰਾਨ ਕੁਝ ਸੈਂਪਲਾਂ ਵਿੱਚ ਬੀਆਰ ਵੈਲਿਊ ਦੁੱਧ ਦੇ ਨਿਰਧਾਰਤ ਫੈਟ ਮਾਪਦੰਡਾਂ ਤੋਂ ਬਾਹਰ ਮਿਲੀ। ਅਧਿਕਾਰੀਆਂ ਅਨੁਸਾਰ, ਇਸ ਤੋਂ ਪਨੀਰ ਵਿੱਚ ਬਨਸਪਤੀ ਘਿਓ ਅਤੇ ਹੋਰ ਵਿਦੇਸ਼ੀ ਫੈਟ ਦੀ ਮਿਲਾਵਟ ਹੋਣ ਦਾ ਸੰਕੇਤ ਮਿਲਿਆ।

ਇਨ੍ਹਾਂ ਰਿਪੋਰਟਾਂ ਤੋਂ ਬਾਅਦ ਵਿਭਾਗ ਨੇ ਐਨਾਲਾਗ ਪਨੀਰ ਖ਼ਿਲਾਫ਼ ਕਾਰਵਾਈ ਨੂੰ ਹੋਰ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ।

ਡੇਅਰੀ ਤੋਂ ਲੈ ਕੇ ਹੋਟਲ-ਰੈਸਟੋਰੈਂਟ ਤੱਕ ਹੋਵੇਗੀ ਜਾਂਚ

ਹੁਕਮਾਂ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾਵੇਗੀ। ਇਸ ਤਹਿਤ ਡੇਅਰੀ ਯੂਨਿਟਾਂ, ਪਨੀਰ ਫੈਕਟਰੀਆਂ, ਹੋਲਸੇਲਰਾਂ, ਰਿਟੇਲਰਾਂ, ਕੋਲਡ ਸਟੋਰਾਂ ਅਤੇ ਗੋਦਾਮਾਂ ਦੀ ਜਾਂਚ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਪਨੀਰ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਦੀ ਵੀ ਚੈਕਿੰਗ ਹੋਵੇਗੀ। ਹੋਟਲਾਂ ਅਤੇ ਰੈਸਟੋਰੈਂਟਾਂ ਦੇ ਪਨੀਰ ਖਰੀਦਣ ਨਾਲ ਸਬੰਧਤ ਰਿਕਾਰਡ ਵੀ ਜਾਂਚੇ ਜਾਣਗੇ।

ਨਿਯਮ ਤੋੜਿਆ ਤਾਂ ਹੋਵੇਗੀ ਸਖ਼ਤ ਕਾਰਵਾਈ

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਿਰਫ਼ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ਤੱਕ ਸੀਮਤ ਨਹੀਂ ਰਹੇਗੀ, ਬਲਕਿ ਫੂਡ ਸਰਵਿਸ ਸੈਕਟਰ ’ਤੇ ਵੀ ਲਾਗੂ ਹੋਵੇਗੀ।

ਸਰਕਾਰ ਵੱਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਜੇਕਰ ਕੋਈ ਫੂਡ ਬਿਜ਼ਨਸ ਆਪਰੇਟਰ ਪਾਬੰਦੀ ਦੇ ਬਾਵਜੂਦ ਐਨਾਲਾਗ ਪਨੀਰ ਦਾ ਉਤਪਾਦਨ, ਭੰਡਾਰਨ ਜਾਂ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਫ਼ੈਸਲੇ ਨਾਲ ਹੁਣ ਪੰਜਾਬ ਵਿੱਚ ਪਨੀਰ ਦੀ ਗੁਣਵੱਤਾ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਦੀ ਨਿਗਰਾਨੀ ਹੋਰ ਸਖ਼ਤ ਹੋਣ ਜਾ ਰਹੀ ਹੈ।

 

Share: