ਘੜੂੰਆਂ ’ਚ ਖ਼ੁਦਾਈ ਦੌਰਾਨ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਕੁੱਜਾ ਬਰਾਮਦ, ਮਚੀ ਹਫੜਾ-ਦਫੜੀ
ਖਰੜ (ਹੈਵਨ ਇੰਡੀਆ ਟੀਵੀ ਬਿਊਰੋ): ਖਰੜ ਨੇੜੇ ਇਤਿਹਾਸਕ ਪਿੰਡ ਘੜੂੰਆਂ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪੁਰਾਣੇ ਪੰਚਾਇਤ ਘਰ ਵਾਲੀ ਥਾਂ ’ਤੇ ਨਵੀਂ ਇਮਾਰਤ ਦੀ ਉਸਾਰੀ ਲਈ ਚੱਲ ਰਹੀ ਖ਼ੁਦਾਈ ਦੌਰਾਨ ਮਿੱਟੀ ਵਿੱਚੋਂ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਇੱਕ ਕੁੱਜਾ ਮਿਲਣ ਦੀ ਗੱਲ ਸਾਹਮਣੇ ਆਈ। ਸਿੱਕੇ ਮਿਲਣ ਦੀ ਖ਼ਬਰ ਪਿੰਡ ਵਿੱਚ ਫੈਲਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਕੁਝ ਸਮੇਂ ਲਈ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ।
ਸੂਤਰਾਂ ਅਨੁਸਾਰ, ਮੌਕੇ ’ਤੇ ਮੌਜੂਦ ਕੁਝ ਲੋਕ ਕਥਿਤ ਤੌਰ ’ਤੇ ਕੁੱਜੇ ਵਿੱਚੋਂ ਮਿਲੇ ਸਿੱਕੇ ਇਕੱਠੇ ਕਰਕੇ ਆਪਣੇ ਨਾਲ ਲੈ ਗਏ। ਇਸ ਤੋਂ ਇਲਾਵਾ ਉੱਥੇ ਕੰਮ ਕਰ ਰਹੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਸਿੱਕੇ ਇਕੱਠੇ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਬਰਾਮਦ ਹੋਏ ਸਿੱਕਿਆਂ ਦੀ ਅਸਲ ਗਿਣਤੀ, ਕੀਮਤ ਅਤੇ ਇਤਿਹਾਸਕ ਮਹੱਤਤਾ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਇਕਬਾਲ ਮੁਹੰਮਦ ਅਤੇ ਸਮਾਜ ਸੇਵੀ ਮਨਦੀਪ ਸਿੰਘ ਘੜੂੰਆਂ ਨੇ ਦੱਸਿਆ ਕਿ ਪੁਰਾਣੇ ਪੰਚਾਇਤ ਘਰ ਵਾਲੀ ਥਾਂ ’ਤੇ ਨਵੀਂ ਲਾਇਬ੍ਰੇਰੀ/ਇਮਾਰਤ ਦੀ ਉਸਾਰੀ ਲਈ ਕੰਮ ਚੱਲ ਰਿਹਾ ਸੀ। ਮੰਗਲਵਾਰ ਨੂੰ ਨੀਂਹ ਲਈ ਖ਼ੁਦਾਈ ਕੀਤੀ ਜਾ ਰਹੀ ਸੀ ਤਾਂ ਮਿੱਟੀ ਵਿੱਚ ਇੱਕ ਕੁੱਜਾ ਨਜ਼ਰ ਆਇਆ। ਇਸ ਨੂੰ ਬਾਹਰ ਕੱਢਣ ’ਤੇ ਅੰਦਰੋਂ ਚਾਂਦੀ ਦੇ ਸਿੱਕੇ ਮਿਲਣ ਦੀ ਗੱਲ ਸਾਹਮਣੇ ਆਈ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਿੱਕਿਆਂ ’ਤੇ ਉਰਦੂ ਵਿੱਚ ਲਿਖਤ ਮੌਜੂਦ ਹੈ। ਇਸ ਕਾਰਨ ਪਿੰਡ ਵਾਸੀਆਂ ਵਿੱਚ ਇਹ ਚਰਚਾ ਹੋਰ ਤੇਜ਼ ਹੋ ਗਈ ਹੈ ਕਿ ਕਿਤੇ ਇਹ ਸਿੱਕੇ ਕਿਸੇ ਪੁਰਾਣੇ ਇਤਿਹਾਸਕ ਦੌਰ ਨਾਲ ਤਾਂ ਸਬੰਧਤ ਨਹੀਂ। ਇਸ ਬਾਰੇ ਅਸਲ ਤੱਥ ਸਿੱਕਿਆਂ ਦੀ ਮਾਹਿਰਾਂ ਵੱਲੋਂ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ।
ਇਤਿਹਾਸਕ ਪਿੰਡ ਘੜੂੰਆਂ ਨਾਲ ਜੁੜਿਆ ਹੈ ਪੁਰਾਣਾ ਇਤਿਹਾਸ
ਘੜੂੰਆਂ ਨੂੰ ਇਤਿਹਾਸਕ ਪਿੰਡ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਪਾਂਡਵਾਂ ਦੇ ਸਮੇਂ ਨਾਲ ਜੋੜਨ ਵਾਲੀਆਂ ਮਾਨਤਾਵਾਂ ਵੀ ਪ੍ਰਚਲਿਤ ਹਨ। ਪਿੰਡ ਵਿੱਚ ਸਥਿਤ ਪਾਂਡ ਸਰੋਵਰ ਬਾਰੇ ਵੀ ਇਹ ਮਾਨਤਾ ਹੈ ਕਿ ਇਸ ਦੀ ਖ਼ੁਦਾਈ ਭੀਮ ਵੱਲੋਂ ਕੀਤੀ ਗਈ ਸੀ। ਅਜਿਹੇ ਵਿੱਚ ਖ਼ੁਦਾਈ ਦੌਰਾਨ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਕੁੱਜਾ ਮਿਲਣ ਦੀ ਖ਼ਬਰ ਨੇ ਪਿੰਡ ਵਾਸੀਆਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ।
ਪੁਲਸ ਦੀ ਮਦਦ ਨਾਲ ਸਿੱਕੇ ਤੇ ਹੋਰ ਸਮਾਨ ਬਰਾਮਦ ਕਰਵਾਉਣ ਦੀ ਗੱਲ
ਮਾਮਲੇ ਸਬੰਧੀ ਕਾਰਜ ਸਾਧਕ ਅਫ਼ਸਰ ਘੜੂੰਆਂ ਰਵੀ ਕੁਮਾਰ ਜਿੰਦਲ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਉਕਤ ਥਾਂ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਮੁਤਾਬਕ ਜਿਹੜੇ ਲੋਕ ਸਰਕਾਰੀ ਸਮਾਨ ਲੈ ਕੇ ਗਏ ਹਨ, ਉਨ੍ਹਾਂ ਦੀਆਂ ਤਸਵੀਰਾਂ ਉਨ੍ਹਾਂ ਕੋਲ ਪਹੁੰਚ ਚੁੱਕੀਆਂ ਹਨ ਅਤੇ ਪੁਲਸ ਦੀ ਮਦਦ ਨਾਲ ਉਨ੍ਹਾਂ ਤੋਂ ਸਮਾਨ ਬਰਾਮਦ ਕਰਵਾਉਣ ਦੀ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਖ਼ੁਦਾਈ ਦੌਰਾਨ ਮਿਲਿਆ ਇਹ ਕੁੱਜਾ ਕਿੰਨਾ ਪੁਰਾਣਾ ਹੈ, ਇਸ ਵਿੱਚ ਕੁੱਲ ਕਿੰਨੇ ਸਿੱਕੇ ਸਨ ਅਤੇ ਇਹ ਸਿੱਕੇ ਆਖ਼ਰ ਕਿਸ ਇਤਿਹਾਸਕ ਦੌਰ ਨਾਲ ਸਬੰਧਤ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਅਧਿਕਾਰਤ ਜਾਂਚ ਅਤੇ ਸਿੱਕਿਆਂ ਦੀ ਮਾਹਿਰਾਂ ਵੱਲੋਂ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਣਗੇ।